Friday, January 6, 2012

ਮੋਬਾਈਲ ਦੀ ਵਰਤੋਂ ਤੇ ਟ੍ਰੈਫਿਕ

ਮੋਬਾਈਲ ਦੀ ਵਰਤੋਂ ਤੇ ਟ੍ਰੈਫਿਕ
ਗੁਰਦੀਪ ਸਿੰਘ ਭਮਰਾgur.dip@live.com
9878961218
ਜਲੰਧਰ ਪੁਲੀਸ ਨੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਤੋਂ ਸਾਲ 2011 ਵਿੱਚ 2.43 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। (http://www.tribuneindia.com/2011/20111202/jaltrib.htm#1) ਇਸ ਵਿੱਚ ਵੱਖ ਵੱਖ ਦੋਸ਼ਾਂ ਵਿੱਚ ਕੀਤੇ ਗਏ ਟ੍ਰੈਫਿਕ ਚਲਾਣ ਦਰਸਏ ਗਏ ਹਨ ਪਰ ਜਿਸ ਗੱਲ ਵੱਲੋਂ ਜਲੰਧਰ ਪੁਲੀਸ ਪੂਰੀ ਤਰ੍ਹਾਂ ਅਵੇਸਲੀ ਰਹੀ ਹੈ ਉਹ ਹੈ ਗੱਡੀ ਚਲਾਉਂਦੇ ਵੇਲੇ ਮੋਬਾਈਲ ਉਪਰ ਗੱਲਾਂ ਕਰਨੀਆਂ। ਜਲੰਧਰ ਵਿੱਚ ਹੀ ਨਹੀਂ ਤਕਰੀਬ ਹਰ ਥਾਂ ਇਹ ਦੇਖਣ ਵਿਚ ਆਇਆ ਹੈ ਕਿ ਲੋਕ ਗੱਡੀ (ਕਾਰ ਆਦਿ) ਚਲਾਉਂਦੇ ਵੇਲੇ ਮੋਬਾਈਲ ਉਪਰ ਗੱਲ ਬਾਤ ਵਿੱਚ ਮਸ਼ਰੂਫ ਹੁੰਦੇ ਹਨ। ਅਜਿਹੇ ਲੋਕਾਂ ਦੀ ਗ਼ਿਣਤੀ 95% ਜ਼ਰੂਰ ਹੈ, ਤੇ ਇਹਨਾਂ ਚੋਂ ਵੀ ਤਕਰੀਬਨ 97% ਔਰਤਾਂ ਹੁੰਦੀਆਂ ਹਨ ਤੇ ਉਹਨਾਂ ਚੋਂ ਵੀ 98% ਕੁੜੀਆਂ ਹੀ ਦੇਖਣ ਵਿੱਚ ਆਉਂਦੀਆਂ ਹਨ।
ਜਿਵੇਂ ਹੀ ਕਾਰ ਸਟਾਰਟ ਕੀਤੀ, ਉਹ ਮੋਬਾਈਲ ਕੰਨ ਨੂੰ ਲਾ ਲੈਂਦੇ ਹਨ ਤੇ ਪੂਰਾ ਰਸਤਾ ਗੱਲਾਂ ਬਾਤਾਂ ਵਿੱਚ ਹੀ ਲੰਘਦਾ ਹੈ। ਅਜਿਹਾ ਕਰਦੇ ਵੇਲੇ ਉਹ ਅਕਸਰ ਸੜਕੀ ਆਵਾਜਾਈ ਤੋਂ ਬੇਧਿਆਨੇ ਹੋ ਜਾਂਦੇ ਹਨ ਤੇ ਸੜਕ ਉਪਰ ਚੱਲਣ ਵਾਲੇ ਦੂਜੇ ਸਾਧਨਾਂ ਤੋਂ ਬੇਖਬਰ ਦਿਖਾਈ ਦਿੰਦੇ ਹਨ। ਉਹ ਨਾਂ ਤਾਂ ਹਾਰਨ ਸੁਣਦੇ ਹਨ ਤੇ ਨਾ ਹੀ ਟ੍ਰੈਫਿਕ ਦੇ ਇਸ਼ਾਰਿਆਂ ਦੀ ਪਰਵਾਹ ਹੀ ਕਰਦੇ ਹਨ।
ਇਹ ਗੱਲ ਸਮਝ ਤੋਂ ਬਾਹਰ ਹੈ ਕਿ ਉਹ ਕਿਸ ਨਾਲ ਤੇ ਕੀ ਗੱਲਾਂ ਕਰਦੇ ਹਨ। ਹੋ ਸਕਦਾ ਹੈ ਉਹ ਕਾਰ ਵਿੱਚ ਮਿਲਣ ਵਾਲੀ ਇਕੱਲਤਾ ਦਾ ਲਾਭ ਲੈਂਦੇ ਹੋਏ ਆਪਣੀ ਕਿਸੇ ਪ੍ਰੇਮਿਕਾ ਜਾਂ ਕਿਸੇ ਹੋਰ ਔਰਤ ਨਾਲ ਪਿਆਰ ਪਘੂੰੜਾ ਝੂਟ ਰਹੇ ਹੋਣ ਜਾਂ ਉਹ ਕਿਸੇ ਗੈਰ ਕਾਨੂਨੀ ਧੰਦੇ ਬਾਰੇ ਗੱਲ ਕਰ ਰਹੇ ਹੁੰਦੇ ਹਨ। ਕੁੜੀਆਂ ਆਪਣੇ ਦੋਸਤ ਲੜਕਿਆਂ ਨਾਲ ਉਲਝੀਆਂ ਹੋਈਆਂ ਹੁੰਦੀਆਂ ਹਨ। ਇਹ ਵੀ ਸੰਭਵ ਹੈ ਕਿ ਮੋਬਾਈਲ ਉਪਰ ਗਲ ਕਰਨ ਵਾਲਾ ਕਿਸੇ ਗੈਰ ਸਮਾਜੀ ਸਰਗਰਮੀ ਨਾਲ ਸਬੰਧ ਰੱਖਦਾ ਹੋਵੇ।
ਮੋਬਾਈਲ ਉਪਰ ਗੱਲ ਕਰਦਿਆਂ ਇਕ ਹੱਥ ਮੋਬਾਈਲ ਨਾਲ ਉਲਝ ਜਾਂਦਾ ਹੈ ਤੇ ਗੱਡੀ ਚਲਾਉਣ ਦਾ ਬਾਕੀ ਸਾਰਾ ਕੰਮ ਉਹ ਇਕ ਹੱਥ ਨਾਲ ਕਰਦੇ ਹਨ। ਇਕ ਹੱਥ ਨਾਲ ਉਹ ਗੇਅਰ ਬਦਲਦੇ ਹਨ, ਉਸੇ ਹੱਥ ਨਾਲ ਉਹ ਸਟੀਅਰਿੰਗ ਸੰਭਾਲਦੇ ਹਨ। ਗੱਡੀ ਦੀ ਸਮਝ ਰੱਖ ਵਾਲੇ ਸਮਝ ਸਕਦੇ ਹਨ ਕਿ ਇਸ ਅਣਗਹਿਲੀ ਨਾਲ ਕਿੱਡੇ ਵੱਡੇ ਹਾਦਸੇ ਵਾਪਰ ਸਕਦੇ ਹਨ। ਦੁਖ ਦੀ ਗੱਲ ਹੈ ਕਿ ਜਲੰਧਰ ਵਿੱਚ ਅਜਿਹੇ ਲੋਕ ਟ੍ਰੈਫਿਕ ਪੁਲੀਸ ਦੀ ਨਜ਼ਰ ਵਿੱਚ ਨਹੀਂ ਆਏ। ਦੂਜੀ ਗੱਲ ਆਪਣੀ ਕਾਰ ਤੇ ਮੋਬਾਈਲ ਰੱਖਣ ਵਾਲਾ ਵਿਅਕਤੀ ਸਾਧਨ ਸੰਪੰਨ ਸਮਝਿਆ ਜਾਂਦਾ ਹੈ ਤੇ ਇਸ ਲਈ ਉਸ ਨੂੰ ਹੱਥ ਪਾਉਣ ਤੋਂ ਪਹਿਲਾਂ ਪੁਲੀਸ ਸੋ ਵਾਰੀ ਸੋਚੇਗੀ।
ਇਕ ਘਟਨਾ ਜਿਸ ਨੇ ਮੈਨੂੰ ਇਸ ਬਾਰੇ ਖਾਸਾ ਸੁਚੇਤ ਕੀਤਾ ਉਹ ਚੰਡੀਗੜ੍ਹ ਦੀ ਹੈ। ਸ਼ਹਿਰ ਵਿੱਚ ਗੱਡੀ ਚਲਾਉਂਦੇ ਵੇਲੇ ਮੋਬਾਈਲ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ। ਸ਼ਾਮ 6.30 ਵਜੇ, ਪੰਜਾਬ ਰੋਡਵੇਸ ਅੰਮ੍ਰਿਤਸਰ ਦੀ ਬੱਸ ਜਲੰਧਰ ਵਾਸਤੇ, ਮੁਹਾਲੀ ਬੱਸ ਅੱਡੇ ਚੋਂ ਨਿਕਲੀ, ਤਾਂ ਡਰਾਈਵਰ ਨੇ ਬੱਸ ਅੱਡੇ ਚੋਂ ਬਾਹਰ ਨਿਕਲਦਿਆਂ ਹੀ ਮੋਬਾਈਲ ਕੰਨ ਨੂੰ ਲਾ ਲਿਆ ਤੇ ਕਾਲ ਮਿਲਾ ਕੇ ਬੈਠ ਗਿਆ। ਮੁਹਾਲੀ ਟੱਪੇ ਤਾਂ ਖਰੜ ਆ ਗਿਆ, ਸੱਭ ਤੋਂ ਵੱਧ ਆਵਾਜਾਈ ਵਾਲੀ ਸੜਕ, ਪਰ ਉਸ ਡਰਾਈਵਰ ਨੇ ਮੋਬਾਈਲ ਕੰਨ ਤੋਂ ਨਹੀਂ ਲਾਹਿਆ। ਇਕ ਹੱਥ ਨਾਲ ਹੀ ਗੱਡੀ ਚਲਾਉਂਦਾ ਰਿਹਾ, ਨਾ ਰਫਤਾਰ ਹੀ ਘੱਟ ਕੀਤੀ। ਅਸੀਂ ਉਸ ਦੇ ਪਿਛੇ ਬੈਠੇ ਉਸ ਦੀ ਇਸ ਹਰਕਤ ਉਪਰ ਨਜ਼ਰ ਰੱਖ ਰਹੇ ਸਾਂ, ਸੋਚਿਆ ਕਿ ਉਸ ਨੂੰ ਸਮਝ ਆ ਜਾਏਗੀ ਤੇ ਉਹ ਆਪਣੇ ਆਪ ਮੋਬਾਈਲ ਬੰਦ ਕਰ ਦੇਵੇਗਾ ਪਰ ਅਜਿਹਾ ਕੁਝ ਨਾ ਵਾਪਰਿਆ। ਹਰ ਕੇ ਮੈਂ ਕੰਡਕਟਰ ਨੂੰ ਆਵਾਜ਼ ਮਾਰੀ, ਕਿਹਾ ਕਿ ਇਸ ਨੂੰ ਕਹੁ ਕਿ ਗੱਡੀ ਪਾਸੇ ਲਾ ਕੇ ਗੱਲ ਬਾਤ ਕਰਨੀ ਹੈ ਤਾਂ ਕਰ ਲਵੇ, ਅਸੀਂ ੳਧਾ ਘੰਟਾ ਠਹਿਰ ਕੇ ਚੱਲ ਪਵਾਂਗੇ ਪਰ ਮੋਬਾਈਲ ਉਪਰ ਗੱਲ ਨਹੀਂ ਕਰਨ ਦੇਣੀ। ਕੰਡਕਟਰ ਮੇਰੇ ਲਹਿਜੇ ਤੋਂ ਸਮਝ ਗਿਆ ਕਿ ਹੁਣ ਪਾਸਾ ਵੱਟਣਾ ਠੀਕ ਨਹੀਂ ਸੀ ਹੋਣਾ। ਉਸ ਨੇ ਡਰਾਈਵਰ ਨੂੰ ਸਖ਼ਤੀ ਨਾਲ ਕਿਹਾ ਕਿ ਮੋਬਾਈਲ ਬੰਦ ਕਰ ਦਏ, ਸਵਾਰੀਆਂ ਇਤਰਾਜ਼ ਕਰਦੀਆਂ ਹਨ। ਘਰ ਪਹੁੰਚ ਕੇ ਅਗਲੇ ਦਿਨ ਮੈਂ ਉਸ ਦੇ ਟੀ ਐਮ ਤੇ ਜੀ ਐਮ ਦੇ ਦਫ਼ਤਰ ਫੋਨ ਕਰਕੇ ਡਰਾਈਵਰ ਦੀ ਇਸ ਹਰਕਤ ਤੋਂ ਜਾਣੂ ਕਰਵਾਇਆ।
ਗੱਡੀ ਚਲਾਉਂਦੇ ਵੇਲੇ ਮੋਬਾਈਲ ਦੀ ਵਰਤੋਂ ਬਿਲਕੁਲ ਨਾ ਕਰੋ, ਜੇ ਗੱਲ ਕਰਨੀ ਹੈ ਤਾਂ ਗੱਡੀ ਪਾਸੇ ਲਾ ਕੇ ਗੱਲ ਕਰੋ। ਮੋਬਾਈਲ ਦੀ ਵਰਤੋਂ ਹਾਦਸਿਆਂ ਨੂੰ ਸਿਧਾ ਸੱਦਾ ਦੇਣਾ ਹੈ।

No comments:

Post a Comment